Jeremiah 2

1ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ 2ਕਿ ਜਾ ਅਤੇ ਯਰੂਸ਼ਲਮ ਦੇ ਕੰਨਾਂ ਵਿੱਚ ਪੁਕਾਰ ਭਈ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਮੈਂ ਤੇਰੀ ਜੁਆਨੀ ਦੀ ਕਿਰਪਾ, ਤੇਰੇ ਵਿਆਹ ਦੇ ਪ੍ਰੇਮ ਨੂੰ ਚੇਤੇ ਕਰਦਾ ਹਾਂ, ਭਈ ਤੂੰ ਉਜਾੜ ਵਿੱਚ ਮੇਰੇ ਪਿੱਛੇ-ਪਿੱਛੇ ਚੱਲੀਂ, ਉਸ ਧਰਤੀ ਵਿੱਚ ਜਿਹੜੀ ਬੀਜੀ ਨਹੀਂ ਗਈ ਸੀ । 3ਇਸਰਾਏਲ ਯਹੋਵਾਹ ਲਈ ਪਵਿੱਤਰ ਸੀ, ਉਹ ਦੀ ਪੈਦਾਵਰ ਦਾ ਪਹਿਲਾ ਫਲ, ਉਸ ਦੇ ਖਾਣ ਵਾਲੇ ਸਾਰੇ ਦੋਸ਼ੀ ਠਹਿਰਨਗੇ, ਉਹਨਾਂ ਉੱਤੇ ਬੁਰਿਆਈ ਆਵੇਗੀ, ਯਹੋਵਾਹ ਦਾ ਵਾਕ ਹੈ ।

4ਹੇ ਯਾਕੂਬ ਦੇ ਘਰਾਣੇ ਦਿਓ ਲੋਕੋ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਟੱਬਰੋ, ਯਹੋਵਾਹ ਦੀ ਗੱਲ ਸੁਣੋ 5ਯਹੋਵਾਹ ਐਉਂ ਆਖਦਾ ਹੈ,- ਤੁਹਾਡੇ ਪਿਉ-ਦਾਦਿਆਂ ਨੇ ਮੇਰੇ ਵਿੱਚ ਕੀ ਅਨਿਆਈ ਲੱਭੀ, ਜੋ ਉਹ ਮੈਥੋਂ ਦੂਰ ਚਲੇ ਗਏ, ਅਤੇ ਫੋਕੀਆਂ ਗੱਲਾਂ ਪਿੱਛੇ ਲੱਗ ਕੇ ਫੋਕੇ ਬਣ ਗਏ ? 6ਉਹਨਾਂ ਨੇ ਨਾ ਆਖਿਆ ਯਹੋਵਾਹ ਕਿੱਥੇ ਹੈ ? ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਉਤਾਹਾਂ ਲੈ ਆਇਆ, ਜਿਹਨੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ, ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ, ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ, ਉਹ ਧਰਤੀ ਜਿਹ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ ।

7ਮੈਂ ਤੁਹਾਨੂੰ ਵਧੀਆ ਧਰਤੀ ਵਿੱਚ ਲਿਆਂਦਾ, ਭਈ ਤੁਸੀਂ ਉਹ ਦੇ ਮੇਵੇ ਅਤੇ ਚੰਗੇ ਪਦਾਰਥ ਖਾਓ, ਪਰ ਤੁਸੀਂ ਵੜ ਕੇ ਮੇਰੀ ਧਰਤੀ ਨੂੰ ਭਰਿਸ਼ਟ ਕੀਤਾ, ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਕੀਤਾ । 8ਜਾਜਕਾਂ ਨੇ ਨਾ ਆਖਿਆ, ਯਹੋਵਾਹ ਕਿੱਥੇ ਹੈ ? ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ, ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ, ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮ ਵਾਕ ਕੀਤਾ, ਉਹ ਉਹਨਾਂ ਚੀਜਾਂ ਦੇ ਪਿੱਛੇ ਲੱਗ ਗਏ ਜਿਹਨਾਂ ਤੋਂ ਲਾਭ ਨਹੀਂ ।

9ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ । 10ਕਿੱਤੀਮ ਦੇ ਟਾਪੂਆਂ ਵਿੱਚੋਂ ਲੰਘੋ ਅਤੇ ਵੇਖੋ, ਜਾਂ ਕੇਦਾਰ ਨੂੰ ਘੱਲੋ ਅਤੇ ਬਹੁਤ ਗੌਹ ਨਾਲ ਸੋਚੋ, ਅਤੇ ਵੇਖੋ ਭਈ ਅਜਿਹੀ ਗੱਲ ਕਿਤੇ ਹੋਈ ਹੈ ! 11ਕੀ ਕਿਸੇ ਕੌਮ ਨੇ ਆਪਣੇ ਦੇਵਤਿਆਂ ਨੂੰ ਬਦਲ ਦਿੱਤਾ, ਭਾਵੇਂ ਉਹ ਦੇਵਤੇ ਵੀ ਨਹੀਂ ਸਨ ? ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਉਸ ਦੇ ਲਈ ਬਦਲ ਦਿੱਤਾ, ਜਿਸ ਤੋਂ ਕੁਝ ਲਾਭ ਨਹੀਂ ।

12ਹੇ ਅਕਾਸ਼ੋ, ਇਸ ਉੱਤੇ ਹੈਰਾਨ ਹੋਵੋ, ਬਹੁਤ ਡਰ ਜਾਓ ਤੇ ਉੱਕੇ ਵਿਰਾਨ ਹੋ ਜਾਓ ! ਯਹੋਵਾਹ ਦਾ ਵਾਕ ਹੈ । 13ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ,- ਉਹਨਾਂ ਨੇ ਮੈਨੂੰ ਤਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ ।

14ਕੀ ਇਸਰਾਏਲ ਗੁਲਾਮ ਹੈ ? ਜਾਂ ਉਹ ਘਰ ਜੰਮ ਹੈ ? ਉਹ ਕਿਉਂ ਲੁੱਟ ਬਣਿਆ ? 15ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਉਹਨਾਂ ਨੇ ਆਪਣੀ ਅਵਾਜ਼ ਕੱਢੀ, ਉਹਨਾਂ ਨੇ ਉਸ ਦਾ ਦੇਸ ਖਰਾਬ ਬਣਾ ਦਿੱਤਾ, ਉਹ ਦੇ ਸ਼ਹਿਰ ਸਾੜੇ ਹੋਏ ਹਨ, ਅਤੇ ਵੱਸਣ ਵਾਲਾ ਕੋਈ ਨਹੀਂ । 16ਨਾਲੇ ਨੋਫ ਅਤੇ ਤਹਫਨੇਸ ਦੀ ਅੰਸ ਨੇ, ਤੇਰੇ ਸਿਰ ਦੀ ਖੋਪਰੀ ਭੰਨੀ । 17ਕੀ ਤੂੰ ਆਪ ਵੀ ਇਹ ਆਪਣੇ ਉੱਤੇ ਨਹੀਂ ਲਿਆਈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਤਿਆਗਣ ਦੇ ਕਾਰਨ ਜਦ ਉਹ ਤੈਨੂੰ ਰਾਹੇ ਰਾਹ ਲਈ ਜਾਂਦਾ ਸੀ ?

18ਹੁਣ ਮਿਸਰ ਦੇ ਰਾਹ ਤੋਂ ਤੈਨੂੰ ਕਿ ਲਾਭ ਹੈ, ਭਈ ਤੂੰ ਨੀਲ ਦਾ ਪਾਣੀ ਪੀਵੇਂ ? ਅਤੇ ਅੱਸ਼ੂਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਭਈ ਤੂੰ ਦਰਿਆ ਦਾ ਪਾਣੀ ਪੀਵੇਂ ? 19ਤੇਰੀ ਬੁਰਿਆਈ ਤੈਨੂੰ ਝਿੜਕੇਗੀ, ਤੇਰਾ ਫਿਰ ਜਾਣਾ ਤੈਨੂੰ ਝਾੜ ਪਾਵੇਗਾ, ਜਾਣ ਅਤੇ ਵੇਖ ਕਿ ਇਹ ਬੁਰੀ ਅਤੇ ਕੌੜੀ ਗੱਲ ਹੈ, ਭਈ ਤੈ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ, ਅਤੇ ਤੈਨੂੰ ਮੇਰਾ ਭੈ ਨਹੀਂ, ਸੈਨਾਂ ਦੇ ਪ੍ਰਭੁ ਯਹੋਵਾਹ ਦਾ ਵਾਕ ਹੈ ।

20ਤੂੰ ਤਾਂ ਚਿਰੋਕਣਾ ਆਪਣਾ ਜੂਲਾ ਭੰਨ ਛੱਡਿਆ, ਅਤੇ ਆਪਣੇ ਬੰਨ੍ਹ ਤੋੜ ਸੁੱਟੇ । ਤੂੰ ਆਖਿਆ ਮੈਂ ਟਹਿਲ ਨਾ ਕਰਾਂਗੀ ! ਹਾਂ ਤੂੰ ਹਰ ਉੱਚੇ ਟਿੱਬੇ ਉੱਤੇ, ਅਤੇ ਹਰ ਹਰੇ ਰੁੱਖ ਹੇਠ ਜ਼ਨਾਹ ਲਈ ਝੁੱਕ ਗਈ । 21ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ । ਜੋ ਸਰਾਸਰ ਖਾਲਸ ਬੀ ਤੋਂ ਸੀ, ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ ? 22ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇਂ ਅਤੇ ਬਹੁਤਾ ਸਾਬਣ ਵਰਤੇ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ ।

23ਤੂੰ ਕਿਵੇਂ ਆਖ ਸਕਦੀ ਹੈ, ਮੈਂ ਭਰਿਸ਼ਟ ਨਹੀਂ ਹੋਈ, ਮੈਂ ਬਆਲਾਂ ਦੇ ਪਿੱਛੇ ਨਹੀਂ ਗਈ ? ਵਾਦੀ ਵਿੱਚ ਆਪਣੇ ਰਾਹ ਨੂੰ ਵੇਖ, ਜਾਣ ਲੈ ਕਿ ਤੂੰ ਕੀ ਕੁੱਝ ਕੀਤਾ ਹੈ, ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈਂ ! 24ਇੱਕ ਜੰਗਲੀ ਖੋਤੀ ਜਿਹੜੀ ਉਜਾੜ ਦੀ ਗਿੱਝੀ ਹੋਈ ਹੈ, ਜੋ ਆਪਣੇ ਵੇਗ ਵਿੱਚ ਹਵਾ ਨੂੰ ਸੁੰਘਦੀ ਹੈ, ਉਹ ਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸਕਦਾ ਹੈ ? ਉਹ ਦੇ ਸਾਰੇ ਭਾਲਣ ਵਾਲੇ ਨਹੀਂ ਥੱਕਣਗੇ, ਉਹ ਦੇ ਮਹੀਨੇ ਵਿੱਚ ਉਹ ਉਸਨੂੰ ਪਾ ਲੈਣਗੇ । 25ਤੂੰ ਆਪਣੇ ਪੈਰਾਂ ਨੂੰ ਨੰਗੇ ਹੋਣ ਤੋਂ, ਅਤੇ ਆਪਣੇ ਸੰਘ ਨੂੰ ਤਰੇਹ ਤੋਂ ਬਚਾ । ਪਰ ਤੂੰ ਆਖਿਆ, ਕੁੱਝ ਆਸ ਨਹੀਂ, ਮੈਂ ਪਰਦੇਸੀਆਂ ਨੂੰ ਪਿਆਰ ਜੋ ਕੀਤਾ, ਮੈਂ ਉਹਨਾਂ ਦੇ ਪਿੱਛੇ ਜਾਵਾਂਗੀ ।

26ਜਿਵੇਂ ਚੋਰ ਜਦ ਫੜਿਆ ਗਿਆ ਸ਼ਰਮਿੰਦਾ ਹੁੰਦਾ ਹੈ, ਤਿਵੇਂ ਇਸਰਾਏਲ ਦਾ ਘਰਾਣਾ, ਉਹ, ਉਹਨਾਂ ਦੇ ਪਾਤਸ਼ਾਹ, ਉਹਨਾਂ ਦੇ ਸਰਦਾਰ, ਉਹਨਾਂ ਦੇ ਜਾਜਕ, ਅਤੇ ਉਹਨਾਂ ਦੇ ਨਬੀ ਸ਼ਰਮਿੰਦੇ ਹੋਣਗੇ । 27ਉਹ ਰੁੱਖ ਨੂੰ ਆਖਦੇ ਹਨ ਤੂੰ ਮੇਰਾ ਪਿਤਾ ਹੈ, ਅਤੇ ਪੱਥਰ ਨੂੰ, ਤੂੰ ਮੈਨੂੰ ਜਣਿਆ ! ਉਹਨਾਂ ਨੇ ਆਪਣੀ ਪਿੱਠ ਮੇਰੀ ਵੱਲ ਕੀਤੀ ਅਤੇ ਆਪਣਾ ਮੂੰਹ ਨਹੀਂ, ਪਰ ਬਿਪਤਾ ਦੇ ਵੇਲੇ ਉਹ ਆਖਣਗੇ, ਉੱਠ ਤੇ ਸਾਨੂੰ ਬਚਾ । 28ਕਿੱਥੇ ਹਨ ਤੇਰੇ ਦੇਵਤੇ ਜਿਹਨਾਂ ਨੂੰ ਤੂੰ ਆਪਣੇ ਲਈ ਬਣਾਇਆ ? ਉਹ ਉੱਠਣ ਜੇ ਉਹ ਤੇਰੀ ਬਿਪਤਾ ਦੇ ਵੇਲੇ ਤੈਨੂੰ ਬਚਾ ਸਕਣ । ਹੇ ਯਹੂਦਾਹ ਜਿੰਨੇ ਕੁ ਤੇਰੇ ਸ਼ਹਿਰ ਹਨ, ਉੱਨੇ ਤੇਰੇ ਦੇਵਤੇ ਹਨ ! ।

29ਤੁਸੀਂ ਕਿਉਂ ਮੇਰੇ ਨਾਲ ਝਗੜੋਗੇ ? ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ, ਯਹੋਵਾਹ ਦਾ ਵਾਕ ਹੈ । 30ਮੈਂ ਐਵੇਂ ਕਿਵੇਂ ਤੇਰੇ ਪੁੱਤਰਾਂ ਨੂੰ ਮਾਰਿਆ, ਉਹ ਸੌਰੇ ਨਹੀਂ; ਤੁਹਾਡੀ ਆਪਣੀ ਤਲਵਾਰ ਤੁਹਾਡੇ ਨਬੀਆਂ ਨੂੰ ਹੜੱਪ ਕਰਨ ਵਾਲੇ ਬਬਰ ਸ਼ੇਰ ਵਾਂਗੂੰ ਖਾ ਗਈ । 31ਓਏ ਤੁਸੀਂ ਜਿਹੜੇ ਇਸ ਪੀੜ੍ਹੀ ਦੇ ਹੋ, ਯਹੋਵਾਹ ਦੇ ਬਚਨ ਦਾ ਧਿਆਨ ਕਰੋ । ਕੀ ਮੈਂ ਇਸਰਾਏਲ ਲਈ ਉਜਾੜ, ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ ? ਤਦ ਮੇਰੀ ਪਰਜਾ ਕਿਉਂ ਆਖਦੀ ਹੈ, ਅਸੀਂ ਤਾਂ ਅਜ਼ਾਦ ਹਾਂ, ਅਸੀਂ ਫਿਰ ਤੇਰੇ ਕੋਲ ਨਾ ਆਵਾਂਗੇ ?

32ਕੀ ਕੋਈ ਕੁਆਰੀ ਆਪਣੇ ਗਹਿਣੇ, ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ । 33ਤੂੰ ਕਿਵੇਂ ਆਪਣੇ ਪ੍ਰੇਮੀਆਂ ਦੇ ਭਾਲਣ ਲਈ ਆਪਣੇ ਰਾਹ ਸੁਆਰਦੀ ਹੈਂ ! ਭਈ ਤੂੰ ਬੁਰੀਆਂ ਔਰਤਾਂ ਨੂੰ ਆਪਣੇ ਰਾਹ ਸਿਖਾਏ ਹਨ ! 34ਨਾਲੇ ਤੇਰੇ ਪੱਲੇ ਉੱਤੇ ਬੇਦੋਸ਼ ਕੰਗਾਲਾਂ ਦੀਆਂ ਜਾਨਾਂ ਦਾ ਲਹੂ ਲੱਭਿਆ, ਤੈ ਉਹਨਾਂ ਨੂੰ ਸੰਨ੍ਹ ਲਾਉਂਦਿਆਂ ਨਹੀਂ ਦੇਖਿਆ, ਪਰ ਇਹਨਾਂ ਸਾਰੀਆਂ ਗੱਲਾਂ ਦੇ ਹੁੰਦਿਆਂ,

35ਤੂੰ ਆਖਦੀ ਹੈ, ਮੈਂ ਬੇਦੋਸ਼ੀ ਹਾਂ ! ਸੱਚ-ਮੁੱਚ ਉਸ ਦਾ ਕ੍ਰੋਧ ਮੈਥੋਂ ਟਲ ਗਿਆ ਹੈ । ਕਿਉਂਕਿ ਤੂੰ ਆਖਿਆ, ਮੈਂ ਪਾਪ ਨਹੀਂ ਕੀਤਾ 36ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦੀ ਹੈਂ ? ਤੂੰ ਮਿਸਰ ਤੋਂ ਵੀ ਲੱਜਿਆਵਾਨ ਹੋਵੇਂਗੀ, ਜਿਵੇਂ ਅੱਸ਼ੂਰ ਤੋਂ ਲੱਜਿਆਵਾਨ ਹੋਈ ਸੀ । ਉੱਥੋਂ ਵੀ ਤੂੰ ਸਿਰ ਉੱਤੇ ਆਪਣੇ ਹੱਥ ਰੱਖ ਕੇ ਨਿਕਲੇਗੀ, ਕਿਉਂ ਜੋ ਯਹੋਵਾਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ, ਤੂੰ ਉਹਨਾਂ ਨਾਲ ਸਫਲ ਨਾ ਹੋਵੇਗੀ ।

37

Copyright information for PanULB